ਸੰਗਤ ਸਾਹਿਬ: Dr. Paramvir Singh
22-May-2010

ਜਿਹੋ ਜਿਹਾ ਮੈਂ ਦੇਖਿਆ/ਸੁਣਿਆ
ਸਿਕਲੀਗਰ ਭਾਈਚਾਰੇ ਵਲੋਂ ਉਸਾਰੀ ਅਧੀਨ
ਗੁਰਦੁਆਰਾ ਸ੍ਰੀ ਸੰਗਤ ਸਾਹਿਬ, ਭੁਸਾਵਲ

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਹੋ ਕੇ ਜ਼ੁਲਮ ਦੇ ਵਿਰੁੱਧ ਸੰਘਰਸ਼ ਆਰੰਭ ਕੀਤਾ ਤਾਂ ਜੰਗਾਂ-ਯੁੱਧਾਂ ਵਿਚ ਕੰਮ ਆਉਣ ਵਾਲੇ ਹਰ ਪ੍ਰਕਾਰ ਦੇ ਅਸਤਰਾਂ-ਸ਼ਸਤਰਾਂ ਦੀ ਵਰਤੋਂ ਕਰਨ ਦੀ ਖੁਲ੍ਹ ਵੀ ਦਿੱਤੀ। ਸ਼ਸਤਰਾਂ ਨਾਲ ਉਨ੍ਹਾਂ ਦਾ ਪ੍ਰੇਮ ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚੋਂ ਵੀ ਸਪੱਸ਼ਟ ਦਿਖਾਈ ਦਿੰਦਾ ਹੈ:

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।
ਸੈਫ ਸਰੋਹੀ ਸੈਹਥੀ ਇਹੈ ਹਮਾਰੈ ਪੀਰ। ਸ਼ਸਤ੍ਰ ਨਾਮ ਮਾਲਾ, 3

ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਿਹੜੇ ਸ਼ਸਤਰ ਵਰਤੇ ਜਾਂਦੇ ਸਨ ਉਨ੍ਹਾਂ ਵਿਚੋਂ ਪੰਜ ਸ਼ਸਤਰਾਂ ਦਾ ਵਰਨਨ ਕਰਦੇ ਹੋਏ ਕਵੀ ਸੈਨਾਪਤਿ ਦੱਸਦੇ ਹਨ:

ਮਾਰੇ ਸ਼ਮਸ਼ੇਰਨ ਕੇ ਲੋਥਨਿ ਪੈ ਲੋਥਿ ਡਾਰੀ
ਤੀਰਨ ਕੇ ਮਾਰੇ ਕਹੂ ਧੀਰਜ ਨ ਧਰ ਹੀ,
ਮਾਰੇ ਬੰਦੂਕਨ ਕੈ ਦੀਨੇ ਅਸਵਾਰ ਡਾਰ
ਨੇਜ਼ਨ ਕੇ ਮਾਰੇ ਨਰ ਧਰਨੀ ਪਰ ਧਰ ਹੀ,
ਮਾਰੇ ਜਮਧਾਰਨ ਕੇ ਜੀਵਨ ਕੋ ਨਾਹਿ ਮੂਲ
ਬਾਂਧੇ ਹਥਿਆਰ ਪਾਂਚ ਖਾਲਸਾ ਜੀ ਲਰ ਹੀ। ਸ੍ਰੀ ਗੁਰ ਸੋਭਾ, 325

ਗੁਰੂ ਸਾਹਿਬ ਲਈ ਸ਼ਸਤਰ ਬਣਾਉਣ ਵਾਸਤੇ ਸਿਕਲੀਗਰ ਭਾਈਚਾਰਾ ਪ੍ਰਸਿੱਧ ਮੰਨਿਆ ਗਿਆ ਹੈ। ਸਿਕਲ ਦਾ ਭਾਵ ਹੈ ਜੰਗ ਉਤਾਰ ਕੇ ਸ਼ਸਤਰਾਂ ਨੂੰ ਚਮਕਾਉਣਾ ਅਤੇ ਜਿਹੜੇ ਇਹ ਕੰਮ ਕਰਦੇ ਹਨ ਉਹਨਾਂ ਨੂੰ ਸਿਕਲੀਗਰ ਕਿਹਾ ਜਾਂਦਾ ਹੈ। ਨਾਂਦੇੜ ਤੱਕ ਇਹ ਭਾਈਚਾਰਾ ਗੁਰੂ ਸਾਹਿਬ ਦੇ ਨਾਲ ਸੀ ਅਤੇ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਵੀ ਇਹ ਲੋਕ ਜਿਥੇ ਸ਼ਸਤਰ ਬਣਾਉਣ ਦਾ ਕੰਮ ਕਰਦੇ ਰਹੇ ਉਥੇ ਨਾਲ ਹੀ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਸ਼ਸਤਰਾਂ ਨੂੰ ਚਮਕਾ ਕੇ ਸੰਭਾਲਣ ਦਾ ਕਾਰਜ ਵੀ ਕਰਦੇ ਰਹੇ। ਅਜੋਕੇ ਸਮੇਂ ਵਿਚ ਵੀ ਨਾਂਦੇੜ ਵਿਖੇ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਸ਼ਸਤਰਾਂ ਦੀ ਸੇਵਾ ਇਸੇ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਹੀ ਕਰ ਰਹੇ ਹਨ।
ਦੱਖਣ ਵਿਚ ਸਿਕਲੀਗਰ ਭਾਈਚਾਰਾ ਕਿਸੇ ਇਕ ਸਥਾਨ ਤੇ ਕੇਂਦਰਿਤ ਨਹੀਂ ਹੈ ਬਲਕਿ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਉਨ੍ਹਾਂ ਦੇ ਛੋਟੇ-ਛੋਟੇ ਗਰੁੱਪ ਦੇਖੇ ਜਾ ਸਕਦੇ ਹਨ। ਰੋਜੀ-ਰੋਟੀ ਦੀ ਸਮੱਸਿਆ ਨੇ ਇਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜਾਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਇਕੋ ਕਿੱਤੇ ਨਾਲ ਸੰਬੰਧਿਤ ਲੋਕ ਇਕ ਸਥਾਨ ਤੇ ਇਕੱਠੇ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੁੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਉਜਰਤ ਕਮਾਉਣ ਵਾਸਤੇ ਭਟਕਣਾ ਪੈ ਰਿਹਾ ਹੈ। ਜਿਥੇ-ਜਿਥੇ ਵੀ ਇਸ ਭਾਈਚਾਰੇ ਨਾਲ ਸੰਬੰਧਿਤ ਲੋਕ ਗਏ ਹਨ, ਉਨ੍ਹਾਂ ਉਥੋਂ ਦੇ ਵਿਸ਼ਵਾਸਾਂ ਨੂੰ ਗ੍ਰਹਿਣ ਕਰਨ ਦੀ ਥਾਂ ਤੇ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਵਿਚ ਵਸਾਉਣ ਦਾ ਪੂਰਨ ਯਤਨ ਕੀਤਾ ਹੈ ਅਤੇ ਜਿਥੇ ਸੰਭਵ ਹੋ ਸਕਿਆ ਉਥੇ ਉਨ੍ਹਾਂ ਨੇ ਗੁਰਦੁਆਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੈ। ਇਹ ਲੋਕ ਕਦੇ ਵੀ ਆਪਣੇ ਆਪ ਨੂੰ ਗੁਰੂ ਤੋਂ ਦੂਰ ਨਹੀਂ ਸਮਝਦੇ ਅਤੇ ਮਰਣੇ-ਪਰਣੇ ਦੇ ਆਪਣੇ ਸਮੂਹ ਕਾਰਜ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਸੰਪੂਰਨ ਕਰਦੇ ਹਨ। ਸਿਕਲੀਗਰ ਭਾਈਚਾਰੇ ਦਾ ਇਕ ਛੋਟਾ ਜਿਹਾ ਸਮੂਹ ਭੁਸਾਵਲ, ਮਹਾਂਰਾਸ਼ਟਰ, ਵਿਖੇ ਵੀ ਵਸਿਆ ਹੋਇਆ ਹੈ, ਉਥੇ ਉਹਨਾਂ ਨੇ ਇਕ ਗੁਰਦੁਆਰਾ ਸੰਗਤ ਸਾਹਿਬ ਦੀ ਸਥਾਪਨਾ ਕੀਤੀ ਹੈ ਜਿਸ ਦੀ ਉਸਾਰੀ ਦਾ ਕਾਰਜ ਚੱਲ ਰਿਹਾ ਹੈ।
ਭੁਸਾਵਲ ਦਿੱਲੀ-ਮੁੰਬਈ ਮੁੱਖ ਰੇਲ ਮਾਰਗ ਨਾਲ ਜੁੜਿਆ ਹੋਇਆ ਮਹਾਂਰਾਸ਼ਟਰ ਪ੍ਰਾਂਤ ਦਾ ਇਕ ਨਗਰ ਹੈ ਜਿਹੜਾ ਕਿ ਕੇਲੇ ਦੀ ਖੇਤੀ ਲਈ ਪ੍ਰਸਿੱਧ ਹੈ। ਇਸ ਨਗਰ ਦੇ ਪੱਛੜੇ ਜਿਹੇ ਇਲਾਕੇ ਵਿਚ ਸਿਕਲੀਗਰ ਭਾਈਚਾਰੇ ਦਾ ਇਕ ਛੋਟਾ ਜਿਹਾ ਸਮੂਹ ਨਿਵਾਸ ਕਰ ਰਿਹਾ ਹੈ। ਭੁਸਾਵਲ ਵਿਖੇ ਜਦੋਂ ਉਨ੍ਹਾਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਮਿਲਣ ਲਈ ਚਲੇ ਗਏ। ਜਦੋਂ ਉਨ੍ਹਾਂ ਕੋਲ ਪੁੱਜੇ ਤਾਂ ਉਹ ਰੋਜ਼ਾਨਾ ਦੇ ਕੰਮਾਂ ਵਿਚ ਲੱਗੇ ਹੋਏ ਸਨ, ਸਾਨੂੰ ਦੇਖਦੇ ਹੀ ਉਹ ਲੋਕ ਭੱਜ ਕੇ ਇਕੱਠੇ ਹੋਏ ਅਤੇ ਅਨਜਾਣ ਹੁੰਦੇ ਹੋਏ ਵੀ ਬੜੀ ਗਰਮਜੋਸ਼ੀ ਨਾਲ ਉਨ੍ਹਾਂ ਸਾਡਾ ਸਵਾਗਤ ਕੀਤਾ। ਅਸੀਂ ਉਨ੍ਹਾਂ ਨੂੰ ਗੁਰਦੁਆਰੇ ਬਾਰੇ ਪੁਛਿਆ ਤਾਂ ਉਹ ਸਾਨੂੰ ਨਾਲ ਹੀ ਬਣੇ ਹੋਏ ਇਕ ਕਮਰੇ ਦੇ ਉਪਰ ਲੈ ਗਏ ਜਿਥੇ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਗ੍ਹਾ ਦੀ ਕਮੀ ਹੋਣ ਕਰਕੇ ਪ੍ਰਕਾਸ਼ ਅਸਥਾਨ ਅਤੇ ਸੁਖ ਆਸਨ ਅਸਥਾਨ ਇਕ ਛੋਟੇ ਜਿਹੇ ਕਮਰੇ ਵਿਚ ਹੀ ਹੈ।
ਸਿਕਲੀਗਰ ਭਾਈਚਾਰੇ ਵਿਚੋਂ 66 ਸਾਲ ਦੇ ਇਕ ਬਜ਼ੁਰਗ ਕੰਚਨ ਸਿੰਘ ਨੇ ਦੱਸਿਆ ਕਿ ਨਾਂਦੇੜ ਉਨ੍ਹਾਂ ਦਾ ਮੂਲ ਸਥਾਨ ਸੀ ਅਤੇ ਉਸ ਦਾ ਜਨਮ ਵੀ ਉਸੇ ਸਥਾਨ ‘ਤੇ ਹੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲਗਪਗ 55-60 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਸਰਦਾਰ ਗਿਆਨ ਸਿੰਘ ਜੀ ਇਸ ਸਥਾਨ ਤੇ ਆਪਣੇ ਪਰਿਵਾਰ ਸਮੇਤ ਆਏ ਸਨ। ਨਾਂਦੇੜ ਤੋਂ ਇਥੇ ਆਉਣ ਸਮੇਂ ਉਨ੍ਹਾਂ ਦੇ ਪਿਤਾ ਜੀ ਇਕ ਬਕਸੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਅਤੇ ਗੁਟਕੇ ਆਪਣੇ ਸਿਰ ‘ਤੇ ਚੁੱਕ ਕੇ ਇਥੇ ਲਿਆ ਸਨ ਅਤੇ ਉਨ੍ਹਾਂ ਅੱਗੇ ਮੱਥਾ ਟੇਕ ਕੇ ਹੀ ਕੋਈ ਕਾਰਜ ਕਰਦੇ ਸਨ। ਭੁਸਾਵਲ ਵਿਖੇ ਇਹ ਇਕ ਖੁਲ੍ਹਾ ਸਥਾਨ ਸੀ ਜਿਥੇ ਜੰਗਲ ਸੀ, ਦੋ ਚਾਰ ਝੌਂਪੜੇ ਦਿਖਾਈ ਦਿੰਦੇ ਸਨ। ਇਥੋਂ ਇਕ ਕੱਚੀ ਸੜਕ ਵੀ ਲੰਘਦੀ ਸੀ ਜਿਹੜੀ ਦੂਜੇ ਨਗਰਾਂ ਨਾਲ ਜਾ ਮਿਲਦੀ ਸੀ, ਇਸ ਕਰਕੇ ਬਜ਼ੁਰਗਾਂ ਨੇ ਇਥੇ ਆ ਡੇਰਾ ਲਾਇਆ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਥੇ ਲੱਕੜੀ ਦੀਆਂ ਕੰਧਾਂ ਉਂਤੇ ਟੀਨ ਦੀਆਂ ਚਾਦਰਾਂ ਪਾ ਕੇ ਇਕ ਛੋਟਾ ਜਿਹਾ ਕਮਰਾ ਉਸਾਰਿਆ ਜਿਸ ਵਿਚ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਸੰਗਤ ਦੀ ਸਹਾਇਤਾ ਨਾਲ ਇਕ ਪੱਕਾ ਕਮਰਾ ਤਿਆਰ ਕੀਤਾ ਗਿਆ ਤਾਂ ਕਿ ਲੋਕ ਆਪਣੇ ਆਪੋ-ਆਪਣੇ ਕਾਰ-ਵਿਹਾਰ ਗੁਰੂ ਦੀ ਹਜ਼ੂਰੀ ਵਿਚ ਕਰ ਸਕਣ। ਇਹ ਕਮਰਾ ਛੋਟਾ ਲੱਗਣ ਲੱਗਿਆ ਤਾਂ ਇਸ ਦੇ ਉਪਰ ਹੀ ਇਕ ਹੋਰ ਕਮਰਾ ਤਿਆਰ ਕਰਨਾ ਆਰੰਭ ਕਰ ਦਿੱਤਾ। ਕਮਰੇ ਦਾ ਕੰਮ ਪੂਰਾ ਹੋ ਚੁੱਕਾ ਹੈ ਪਰ ਬਰਾਂਡੇ ਦੇ ਕੰਮ ਜਾਰੀ ਹੈ। ਜਦੋਂ ਇਥੇ ਕੋਈ ਦਿਨ-ਤਿਉਹਾਰ ਮਨਾਇਆ ਜਾਂਦਾ ਹੈ ਤਾਂ ਹੇਠਲੇ ਕਮਰੇ ਨੂੰ ਲੰਗਰ ਹਾਲ ਵਜੋਂ ਵਰਤ ਲਿਆ ਜਾਂਦਾ ਹੈ, ਬਾਕੀ ਦਿਨ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਲਾਸਾਂ ਲਗਾਈਆਂ ਜਾਂਦੀਆਂ ਹਨ। ਅੱਜਕਲ ਇਨ੍ਹਾਂ ਦੇ ਬੱਚੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ ਅਤੇ ਇਨ੍ਹਾਂ ਵਿਚੋਂ ਕੁਝ ਬੱਚੇ ਦਸਵੀਂ ਕਲਾਸ ਤੱਕ ਪੁੱਜ ਗਏ ਹਨ। ਬੰਗਲੋਰ ਦੀ ਇਕ ਸੰਸਥਾ ਇਨ੍ਹਾਂ ਦੀ ਸਹਾਇਤਾ ਕਰਦੀ ਹੈ। ਉਹ ਬੱਚਿਆਂ ਦੇ ਸਕੂਲ ਦੀ ਅੱਧੀ ਫੀਸ ਦਿੰਦੇ ਹਨ ਅਤੇ ਅੱਧੀ ਫੀਸ ਬੱਚੇ ਦੇ ਮਾਪਿਆਂ ਵਲੋਂ ਦਿੱਤੀ ਜਾਂਦੀ ਹੈ। ਬੱਚੇ ਉਹ ਸਾਰੀ ਵਿਦਿਆ ਹਾਸਲ ਕਰਨ ਦਾ ਯਤਨ ਕਰ ਰਹੇ ਹਨ ਜਿਹੜੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਕੰਮ ਆ ਸਕੇ। ਪੰਜਾਬੀ ਭਾਸ਼ਾ ਸਿੱਖਣ ਵਿਚ ਇਹ ਬੱਚੇ ਕੋਈ ਕਸਰ ਨਹੀਂ ਛੱਡ ਰਹੇ। ਉਥੋਂ ਦੀ ਖੇਤਰੀ ਭਾਸ਼ਾ ਮਰਾਠੀ ਸਿੱਖਣ ਦੇ ਨਾਲ-ਨਾਲ ਇਹ ਬੱਚੇ ਹਿੰਦੀ ਅਤੇ ਅੰਗਰੇਜ਼ੀ ਸਿੱਖਣ ਵਿਚ ਵੀ ਪੂਰਾ ਤਾਣ ਲਾ ਰਹੇ ਹਨ। ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੇ ਕਦੇ ਪੰਜਾਬੀ ਨਹੀਂ ਪੜ੍ਹੀ ਅਤੇ ਉਹ ਇਸ ਕਮੀ ਨੂੰ ਆਪਣੇ ਬੱਚਿਆਂ ਰਾਹੀਂ ਪੂਰਾ ਕਰਨ ਦਾ ਯਤਨ ਕਰ ਰਹੇ ਹਨ। ਗੁਰਮੁਖੀ ਨਾ ਪੜ੍ਹ ਸਕਣ ਕਰਕੇ ਇਹ ਲੋਕ ਆਪਣੇ ਆਪ ਨੂੰ ਅਨਪੜ੍ਹ ਕਹਿ ਰਹੇ ਸਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਸਿੱਖ ਕੇ ਗੁਰਮੁਖੀ ਭਾਸ਼ਾ ਵਿਚ ਗੁਰੂ ਸਾਹਿਬਾਨ ਦੁਆਰਾ ਰਚਿਤ ਗੁਰੂ ਗ੍ਰੰਥ ਸਾਹਿਬ ਆਪ ਪੜ੍ਹ ਸਕਣ। ਇਸ ਕਾਰਜ ਵਿਚ ਉਹ ਬਹੁਤ ਹੱਦ ਤੱਕ ਸਫਲ ਵੀ ਹੋ ਚੁੱਕੇ ਹਨ। 15-20 ਬੱਚਿਆਂ ਨੇ ਜਪੁਜੀ ਸਾਹਿਬ ਅਤੇ ਸੋਦਰੁ ਦਾ ਪਾਠ ਕਰਕੇ ਇਹ ਸਿੱਧ ਕਰ ਦਿੱਤਾ ਕਿ ਗੁਰਮੁਖੀ ਭਾਸ਼ਾ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਉਹ ਕਿੰਨਾ ਪਿਆਰ ਕਰਦੇ ਹਨ ਅਤੇ ਇਸ ਭਾਸ਼ਾ ਨੂੰ ਕਦੇ ਵੀ ਮਨੋਂ ਨਹੀਂ ਵਿਸਾਰਨਾ ਚਾਹੁੰਦੇ। ਉਨ੍ਹਾਂ ਦੀ ਇਹ ਭਾਵਨਾ ਉਨ੍ਹਾਂ ਲੋਕਾਂ ਲਈ ਇਕ ਸਬਕ ਵੀ ਹੈ ਜਿਹੜੇ ਇਹ ਕਹਿੰਦੇ ਹਨ ਕਿ ਪੰਜਾਬੀ ਭਾਸ਼ਾ ਨਾਲ ਰੁਜ਼ਗਾਰ ਨਹੀਂ ਜੁੜਿਆ ਹੋਇਆ ਇਸ ਕਰਕੇ ਇਸ ਭਾਸ਼ਾ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਦੀ ਭਾਵਨਾ ਪੰਜਾਬੀ ਪੜ੍ਹ ਕੇ ਰੁਜ਼ਗਾਰ ਹਾਸਲ ਕਰਨਾ ਨਹੀਂ ਸੀ ਬਲਕਿ ਇਸ ਭਾਸ਼ਾ ਰਾਹੀਂ ਆਪਣੇ ਵਿਰਸੇ ਨਾਲ ਜੁੜ ਕੇ ਸੁਚੱਜੀ ਜੀਵਨਜਾਚ ਧਾਰਨ ਕਰਨਾ ਸੀ।
ਬੱਚਿਆਂ ਦੇ ਮਾਤਾ-ਪਿਤਾ ਨੇ ਦਸਿਆ ਕਿ ਭੁਪਾਲ ਤੋਂ ਸਰਦਾਰ ਕਰਤਾਰ ਸਿੰਘ ਇਥੇ ਆ ਕੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਹ ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਸ਼ਹਿਰ ਦੇ ਸਿੰਘ ਸਭਾ ਗੁਰਦੁਆਰੇ ਤੋਂ ਇਕ ਭਾਈ ਸਾਹਿਬ ਆ ਕੇ ਪ੍ਰਕਾਸ਼ ਕਰ ਜਾਂਦੇ ਹਨ ਅਤੇ ਸ਼ਾਮ ਨੂੰ ਰਹਿਰਾਸ ਉਪਰੰਤ ਸਮਾਪਤੀ ਕੀਤੀ ਜਾਂਦੀ ਹੈ। ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਜਾਂ ਜਦੋਂ ਬੱਚੇ ਕੁਝ ਵਿਹਲ ਮਹਿਸੂਸ ਕਰਦੇ ਹਨ ਤਾਂ ਗੁਰਦੁਆਰੇ ਦੀਆਂ ਰਸਮਾਂ ਕਰਨ ਵਿਚ ਭਾਈ ਸਾਹਿਬ ਦੀ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਤੋਂ ਉਹ ਸਾਰੀਆਂ ਰਸਮਾਂ ਕਰਨੀਆਂ ਸਿੱਖ ਵੀ ਰਹੇ ਹਨ। ਬੱਚੇ ਗੁਰਬਾਣੀ ਪੜ੍ਹ ਸਕਦੇ ਹਨ ਅਤੇ ਅਰਦਾਸ ਕਰ ਸਕਦੇ ਹਨ। ਗੁਰਬਾਣੀ ਪੜ੍ਹਨ ਵਿਚ ਇਹ ਬੱਚੇ ਇੰਨੇ ਸਿੱਖਿਅਤ ਹੋ ਚੁੱਕੇ ਹਨ ਕਿ ਨੇੜ੍ਹੇ-ਨੇੜ੍ਹੇ ਦੇ ਇਲਾਕਿਆਂ ਵਿਚ ਹੁੰਦੇ ਪ੍ਰੋਗਰਾਮਾਂ ਵਿਚ ਭਾਗ ਲੈਣ ਵੀ ਚਲੇ ਜਾਂਦੇ ਹਨ।
ਇਸ ਇਲਾਕੇ ਵਿਚ ਸਿਕਲੀਗਰ ਭਾਈਚਾਰੇ ਨਾਲ ਸੰਬੰਧਿਤ 20-22 ਘਰ ਹਨ ਅਤੇ ਹਰ ਪਰਿਵਾਰ ਵਿਚ 6-8 ਮੈਂਬਰ ਹਨ। ਪਰਿਵਾਰ ਦੇ ਮਰਦ ਕਾਰੋਬਾਰ ਕਰਨ ਲਈ ਦੂਰ-ਨੇੜ੍ਹੇ ਦੇ ਸਥਾਨਾਂ ਤੇ ਚਲੇ ਜਾਂਦੇ ਹਨ। ਉਥੇ ਮੌਜੂਦ ਇਕ ਨੌਜਵਾਨ ਨੇ ਦੱਸਿਆ ਕਿ ਉਹ ਛੋਟੇ-ਛੋਟੇ ਗਰੁੱਪਾਂ ਵਿਚ ਕੱਪੜੇ ਦਾ ਕਾਰੋਬਾਰ ਕਰਨ ਚਲੇ ਜਾਂਦੇ ਹਨ। ਉਨ੍ਹਾਂ ਨੇ ਮੋਟਰ ਸਾਈਕਲ ਰੱਖੇ ਹੋਏ ਹਨ ਅਤੇ ਵਪਾਰ ਕਰਨ ਲਈ ਉਹ 100 ਤੋਂ 400 ਕਿਲੋਮੀਟਰ ਤੱਕ ਵੀ ਚਲੇ ਜਾਂਦੇ ਹਨ। ਦੂਰ ਜਾਣ ਸਮੇਂ ਕਈ ਵਾਰ 15-20 ਦਿਨ ਘਰੋਂ ਬਾਹਰ ਵੀ ਰਹਿੰਦੇ ਹਨ। ਵੱਡੇ ਛੋਟੇ ਕਸਬਿਆਂ ਵਿਚ ਕੱਪੜੇ ਦੀਆਂ ਦੁਕਾਨਾਂ ਆਮ ਹੋ ਗਈਆਂ ਹਨ ਇਸ ਕਰਕੇ ਉਨ੍ਹਾਂ ਨੂੰ ਪਿੰਡਾਂ ਅਤੇ ਹੋਰ ਦੂਰ-ਦੁਰਾਡੇ ਇਲਾਕਿਆਂ ਤੱਕ ਜਾਣਾ ਪੈਂਦਾ ਹੈ। ਜਿਥੇ ਵਪਾਰ ਕਰਨ ਜਾਂਦੇ ਹਨ ਉਥੇ ਹੀ ਇਕ ਕਮਰਾ ਕਿਰਾਏ ਤੇ ਲੈ ਕੇ ਸਾਰਾ ਦਿਨ ਕੱਪੜਾ ਵੇਚਣ ਦਾ ਕਾਰਜ ਕਰਦੇ ਹਨ। ਕੋਈ ਪੱਕਾ ਟਿਕਾਣਾ ਨਾ ਹੋਣ ਕਰਕੇ ਉਨ੍ਹਾਂ ਨੂੰ ਇਹ ਕਾਰੋਬਾਰ ਕਰਨ ਵਿਚ ਵੀ ਭਾਰੀ ਮੁਸ਼ਕਲ ਹੁੰਦੀ ਹੈ ਕਿਉਂਕਿ ਲੋਕ ਉਥੋਂ ਹੀ ਵਸਤਾਂ ਖਰੀਦਣੀਆਂ ਵਧੇਰੇ ਪਸੰਦ ਕਰਦੇ ਹਨ ਜਿਥੇ ਉਨ੍ਹਾਂ ਨੂੰ ਵਿਸ਼ਵਾਸ ਹੋਵੇ ਕਿ ਇਹ ਵਪਾਰੀ ਉਥੋਂ ਕਿਤੇ ਹੋਰ ਨਹੀਂ ਜਾਵੇਗਾ ਪਰ ਫੇਰੀ ਵਾਲਿਆਂ ਦੁਆਰਾ ਇਹ ਵਿਸ਼ਵਾਸ ਦਿਵਾਉਣਾ ਬਹੁਤ ਔਖਾ ਹੁੰਦਾ ਹੈ।
ਸ਼ਸਤਰ ਬਣਾਉਣ ਦੇ ਨਾਲ-ਨਾਲ ਲੋਹੇ ਦੀਆਂ ਕੜਾਹੀਆਂ, ਝਾਰਨੀਆਂ ਬਣਾਉਣ ਦਾ ਕਾਰਜ ਵੀ ਇਸ ਭਾਈਚਾਰੇ ਦੇ ਲੋਕ ਕਰਦੇ ਸਨ। ਸ਼ਸਤਰ ਬਣਾਉਣ ਦਾ ਕੰਮ ਹੌਲੀ-ਹੌਲੀ ਮੱਧਮ ਪੈਂਦਾ ਗਿਆ, ਇਸ ਦਾ ਇਕ ਵੱਡਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਦੰਗਾ-ਫਸਾਦ ਹੁੰਦਾ ਤਾਂ ਪੁਲਿਸ ਉਨ੍ਹਾਂ ਤੇ ਹੀ ਸ਼ੱਕ ਕਰਦੀ ਸੀ। ਇਸੇ ਕਾਰਨ ਹੀ ਨਾਂਦੇੜ ਵਿਖੇ ਵਸਿਆ ਹੋਇਆ ਵੱਡਾ ਭਾਈਚਾਰਾ ਛੋਟੇ-ਛੋਟੇ ਸਮੂਹਾਂ ਵਿਚ ਵੰਡਿਆ ਗਿਆ ਅਤੇ ਜਿਸ ਨੂੰ ਜਿਥੇ ਵੀ ਕੋਈ ਛੋਟਾ-ਮੋਟਾ ਰੋਜ਼ਗਾਰ ਮਿਲਿਆ, ਉਥੇ ਹੀ ਜਾ ਕੇ ਵੱਸ ਗਿਆ। ਸ਼ਸਤਰ ਬਣਾਉਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਭਾਈਚਾਰੇ ਦੇ ਲੋਕ ਹੋਰਨਾਂ ਕੰਮ-ਧੰਦਿਆਂ ਵੱਲ ਰੁਚਿਤ ਹੋਣ ਲੱਗੇ। ਹੁਣ ਉਨ੍ਹਾਂ ਦਾ ਇਹ ਪੁਸ਼ਤੈਨੀ ਧੰਦਾ ਸੌ ਵਿਚੋਂ ਦੱਸ ਫੀਸਦੀ ਹੀ ਰਹਿ ਗਿਆ ਹੈ ਇਸ ਕਰਕੇ ਹੁਣ ਵੀ ਜਿਹੜੇ ਲੋਕ ਇਸੇ ਧੰਦੇ ਨਾਲ ਜੁੜੇ ਹੋਏ ਹਨ ਉਹਨਾਂ ਦਾ ਗੁਜ਼ਰਾਨ ਮੁਸ਼ਕਲ ਹੀ ਹੁੰਦਾ ਹੈ। ਭਾਈਚਾਰੇ ਵਿਚੋਂ ਕੁਝ ਲੋਕ ਕੱਪੜੇ ਦਾ ਕਾਰੋਬਾਰ ਕਰ ਰਹੇ ਹਨ ਅਤੇ ਕੁਝ ਟਰੱਕਾਂ ਵਾਲਿਆਂ ਨਾਲ ਕੰਮ ਕਰ ਰਹੇ ਹਨ। ਕੱਪੜੇ ਦੇ ਵਪਾਰ ਵਿਚ ਲੋਹੇ ਨਾਲੋਂ ਵਧੇਰੇ ਮੁਨਾਫਾ ਹੈ ਇਸ ਕਰਕੇ ਭਾਈਚਾਰੇ ਦੇ ਜਿਹੜੇ ਲੋਕ ਕੱਪੜੇ ਦਾ ਵਪਾਰ ਕਰਦੇ ਹਨ ਉਹ ਗੁਰਦੁਆਰੇ ਦੀ ਸੇਵਾ ਵਿਚ 100/- ਰੁਪਏ ਭੇਟ ਕਰਦੇ ਹਨ ਅਤੇ ਜਿਹੜੇ ਲੋਹੇ ਦਾ ਕਾਰੋਬਾਰ ਕਰਦੇ ਹਨ ਉਹ 50/- ਰੁਪਏ ਪ੍ਰਤੀ ਮਹੀਨਾ ਇਸ ਸੇਵਾ ਵਿਚ ਹਿੱਸਾ ਪਾਉਂਦੇ ਹਨ। ਹਰ ਐਤਵਾਰ ਨੂੰ ਘਰਾਂ ਵਿਚੋਂ 10-10 ਰੁਪਏ ਇਕੱਤਰ ਕਰਕੇ ਸ਼ੁੱਧ ਘਿਉ ਦਾ ਕੜ੍ਹਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਜਿਥੇ ਵੀ ਗਏ ਹਨ ਉਨ੍ਹਾਂ ਉਥੇ ਗੁਰਦੁਆਰਾ ਹੀ ਬਣਾਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਨੂੰ ਆਪਣਾ ਇਸ਼ਟ ਨਹੀਂ ਮੰਨਿਆ। ਉਥੇ ਵਸਦੇ ਬਹੁਤੇ ਸਿੱਖ ਅੰਮ੍ਰਿਤਧਾਰੀ ਹਨ ਅਤੇ ਸਮੇਂ-ਸਮੇਂ ਅੰਮ੍ਰਿਤ ਛਕਾਉਣ ਦਾ ਕਾਰਜ ਵੀ ਕਰਦੇ ਹਨ। ਗੁਜਰਾਤ, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਆਦਿ ਸਥਾਨਾਂ ਤੇ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਵਸਦੇ ਹਨ ਅਤੇ ਵਿਆਹ-ਸ਼ਾਦੀ ਜਾਂ ਕਿਸੇ ਹੋਰ ਸਾਂਝੇ ਕਾਰਜ ਲਈ ਉਹਨਾਂ ਕੋਲ ਆਉਣ-ਜਾਣ ਦਾ ਸਿਲਸਲਾ ਬਣਿਆ ਰਹਿੰਦਾ ਹੈ। ਹੋਲੀ ਦੇ ਸਮੇਂ ਨਾਂਦੇੜ ਵਿਖੇ ਉਹਨਾਂ ਦੇ ਭਾਈਚਾਰੇ ਦੇ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਭਾਈਚਾਰੇ ਦੇ ਕੁਝ ਸਿੱਖਾਂ ਨੇ ਕਿਹਾ ਕਿ ਜਦੋਂ ਉਹ ਕਿਸੇ ਗੁਰਦੁਆਰੇ ਵਿਚ ਜੰਗ ਲੱਗੇ ਇਤਿਹਾਸਿਕ ਸ਼ਸਤਰ ਦੇਖਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਅਤੇ ਸੰਭਾਲ ਕੇ ਰੱਖੇ ਹੋਏ ਹੋਰ ਸ਼ਸਤਰ ਚਮਕਦੇ ਨਜ਼ਰ ਆਉਣੇ ਚਾਹੀਦੇ ਹਨ। ਭਾਈਚਾਰੇ ਦੇ ਲੋਕ ਇਹ ਸੇਵਾ ਬਾਖੂਬੀ ਨਿਭਾ ਸਕਦੇ ਹਨ, ਮੌਕਾ ਮਿਲਣਾ ਚਾਹੀਦਾ ਹੈ।
ਵਾਪਸ ਚੱਲਣ ਸਮੇਂ ਦਿੱਲੀ ਤੋਂ ਨਾਲ ਗਏ ਸਰਦਾਰ ਪ੍ਰੀਤਮ ਸਿੰਘ ਮੋਦੀ ਨੇ ਉਹਨਾਂ ਦਾ ਧੰਨਵਾਦ ਕੀਤਾ ਤਾਂ ਜੋਸ਼ ਵਿਚ ਆ ਕੇ ਉਨ੍ਹਾਂ ਨੇ ਉਂਚੀ ਆਵਾਜ਼ ਵਿਚ ਜੈਕਾਰੇ ਛੱਡਣੇ ਆਰੰਭ ਕਰ ਦਿੱਤੇ। ਉਹਨਾਂ ਦੀ ਇਸ ਜੋਸ਼ੀਲੀ ‘ਤੇ ਉਤਸ਼ਾਹ ਭਰਪੂਰ ਆਵਾਜ਼ ਨੇ ਇਲਾਕੇ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਚੱਲਦੇ-ਚੱਲਦੇ ਇਕ ਸਿੱਖ ਨੇ ਕਿਹਾ ਕਿ ਇਕ ਪਿਤਾ ਦੇ ਦੋ ਪੁੱਤਰ ਹਨ ਇਕ ਅਮੀਰ ਹੈ ਅਤੇ ਦੂਜਾ ਗਰੀਬ। ਅਮੀਰ ਭਰਾਵਾਂ ਨੂੰ ਆਪਣੇ ਗਰੀਬ ਭਰਾਵਾਂ ਦੀ ਵੀ ਸਾਰ ਲੈਂਦੇ ਰਹਿਣਾ ਚਾਹੀਦਾ ਹੈ।

ਆਪ ਤਿਆਰ ਕੀਤੀ ਕ੍ਰਿਪਾਨ ਤੇ ਬਣਾਇਆਦਾ ਨਿਸ਼ਾਨ ਦਿਖਾਉਂਦੇ ਹੋਏ



Name *
Email *
Contact No. *
Your Comments *
 
 S.Parwinder singh

Dr Paramvir Singh ji wahaguru ji ka khalsa vahaguru ji Ki Fatheh. Sgpc & other sikh organisation should do something for sikligarh sikhs.U have also raised a question by your article that Punjabi laqnguage is not providing job opportunities to youth.Sikh organisation should seriously think about it. Thanks for your good article

 dr. narinder nirchhal

good article. why help only for sikligars ? khalsa is for everyone who are needy. help everyone thats need it very much.

 S.Ravinder Singh

Paramvir Singh ji Waheguru jee ka khalsa, Waheguru jee kii Fateh. To Highlight the cause of Sikhligar Sikhs, these Kind of articles shall be published regularly. The organisation from Bangalore which Takes care of educational needs is AKHAR-Soh www.akharsoh.org.

 Jasjeet Gurcharan Singh Bindra

Vir Paramvir Singh ji Tusi jo likya oo bhaut sahi likhaya. pad kar bhaut khushi hui. Jasjeet Singh Bindra Bhusawal(Maharashtra)