Sun: Bibi Sushil Kaur
08-March-2010

ਪੋਹ ਮਹੀਨਾ



ਵੇ ਮੇਰੇ ਸੂਰਜਾ!
ਰੋਜ਼ ਸਵੇਰੇ
ਤੇਰੇ ਰਾਹਾਂ ‘ਤੇ ਨੈਣ ਵਿਛਾਵਾਂ।

ਤੂੰ ਆਵੇਂ
ਤੇਰੀਆਂ ਪਹਿਲੀਆਂ ਕਿਰਨਾਂ
ਅਖੀਆਂ ਰਾਹੀਂ ਪੀਵਾਂ।
ਤੇਰੇ ਰੂਪ ਦੇ ਲਿਸ਼ਕਾਰਿਆਂ ਨੂੰ
ਖੀਵਿਆਂ ਹੋ ਹੋ ਝੱਲਾਂ।

ਤੇ ਜਦੋਂ ਤੁਰਾ ਤੇਜ
ਮੇਰੀਆਂ ਅਖੀਆਂ ਚੁੰਧਿਆਵੇ
ਪਲਕਾਂ ਝੁਕਾਵੇ
ਤਾਂ ਮੁੰਦ ਅੱਖੀਆ ਸਾਹਵੇਂ ਲੱਗੇ
ਰੰਗਾਂ ਦੇ ਮੇਲੇ ਵਿਚੋਂ ਤੇਰਾ ਰੂਪ ਨਿਹਾਰਾਂ।

ਝਿੰਮਣੀਆਂ ਥਾਣੀ ਲੰਘਦੀਆਂ
ਤੇਰੀਆਂ ਕਿਰਨਾਂ ਦੀਆਂ
ਸੋਨ ਸੁਦਹਿਰੀ ਰੇਲ ਪਟੜੀਆਂ ਉਤੇ ਚੱਲ
ਤੇਰੇ ਕੋਲ ਪਹੁੰਚਾਂ
ਤੇ ਤੈਥੋਂ ਤੈਨੂੰ ਬਨਾਉਣ ਵਾਲੇ ਦਾ
ਅਤਾ ਪਤਾ ਪੁੱਛਾਂ।

ਵੇ ਮੇਰੇ ਸੂਰਜਾ!
ਤੇਰੀਆਂ ਕੋਸੀਆਂ ਕਿਰਨਾ
ਮੇਰਾ ਠਰਿਆ ਮੱਥਾ ਚੁੰਮਣ।

ਇਸ ਚੁੰਮਚ ਵਿਚੋਂ
ਮੈ ਉਸ ਦੇ ਚੁੰਮਣ ਦਾ ਨਿੱਘ ਮਾਣਾਂ
ਜਿਸ ਦੇ ਨੂਰ ਤੋਂ ਤੇਰਾ ਨੂਰ ਉਪਜਿਆ।
ਜਿਸ ਦੇ ਨੂਰ ਤੋਂ ਸਭ ਜਗ ਉਪਜਿਆ।
ਹਾਂ! ਜਿਸ ਦੇ ਨੂਰ ਤੋਂ ਮੇਰਾ ਨੂਰ ਉਪਜਿਆ।



ਕਲਪਨਾ
ਵੀਰਵਾਰ ਦੀ ਝੜੀ ਪਿਛੋਂ,
ਲਹਿੰਦਾ ਸੂਰਜ
ਸੁਰਮਈ ਬੱਦਲਾਂ ਦੇ ਕਿਨਾਰਿਆਂ ‘ਤੇ
ਚਮਕਾਂ ਦੇ ਗੋਟੇ ਕਿਨਾਰੀਆਂ ਸਜਾਉਣ ਲੱਗਿਆ।

ਰੇਸ਼ਮੀ ਗੋਹੜਿਆਂ ਦੀਆਂ ਤੰਦਾਂ ਵਿਚ
ਰੰਗ-ਬਰੰਗੀ ਚਾਂਦੀ ਘਚੋਲਣ ਲੱਗਿਆ।
ਅੰਬਰਾਂ ‘ਚ ਤਰਦੇ ਸੁੰਦਰਤਾ ਦੇ ਅੰਬਾਰਾਂ ਨੂੰ
ਨੂਰ-ਲਿੱਬੜੇ ਹੱਥਾਂ ਨਾਲ ਫਰੋਲਦਾ ਹੋਇਆ
ਸੋਹਣੇ ਤੋਂ ਸੋਹਣਾਂ ਰੰਗ ਬਣਾਉਣ ਦੇ ਤਜਰਬੇ ਕਰਨ ਲੱਗਿਆ।

ਗਗਨ ਮੰਡਲ ਦੇ ਵੇਹੜੇ ਵਿਚ
ਰੰਗੀਨ ਜਲਵੇ ਦਿਖਾ ਰਹੀ ਸਤਰੰਗੀ ਪੀਂਘ ਨੇ
ਆ ਕੇ ਮੇਰੇ ਕੰਨ ਵਿਚ ਕਿਹਾ,-
"ਤੂੰ ਅਖੀਆਂ ਬੰਦ ਕਰ
ਮੈ ਤੈਨੂੰ ਇਸ ਤੋਂ ਵੀ ਸੋਹਣੇ ਰੰਗ ਦਿਖਾ ਦਿੰਦੀ ਹਾਂ।
ਸੱਤਰੰਗੇ ਨੂਰ ਦੀਆਂ
ਮਿੱਠੀਆ ਫੁਹਾਰਾਂ ‘ਚ ਉਡਦੀਆਂ
ਸੂਰਤਾਂ ਦੇ ਦਰਸ਼ਨ ਕਰਵਾ ਦਿੰਦੀ ਹਾਂ।
ਜੇ ਕਹੇਂ ਤਾਂ ਉਨ੍ਹਾਂ ਨਾਲ ਗੱਲਾਂ ਵੀ ਕਰਵਾ ਦਿੰਦੀ ਹਾਂ।
ਸੁੱਚੀ ਭੇਟ
ਮੇਰੇ ਪ੍ਰੀਤਮਾ!
ਮੇਰਾ ਮਨ ਜੂਠਾ
ਇਹ ਤਨ ਵੀ ਜੂਠਾ
ਧੰਨ ਤਾਂ ਹੈ ਹੀ ਜੂਠਾ
ਦੱਸ!ਕਿਹੜੀ ਭੇਟ ਚੜ੍ਹਵਾਂ?



ਚੰਨ ਰਿਸ਼ਮਾ ਦਾ ਇਕ ਟੋਟਾ
ਲਵਾਂ ਉਧਾਰਾ ਰਾਤ ਤੋਂ।
ਚੁਗਾਂ ਸੁੱਚੇ ਬ੍ਰਿਹੜੇ ਦੇ ਮੋਤੀ
ਤਾਰਿਆਂ ਦੇ ਸਾਗਰੋਂ।
ਪ੍ਰੋਵਾਂ ਰਿਸ਼ਮ ਤਾਰ ਵਿਚ
ਇਹ ਡ੍ਹਲ ਡ੍ਹਲ ਕਰਦੇ ਮੋਤੀ
ਛਲਕਾਉਂਦੇ ਪ੍ਰੀਤ ਤੇਰੀ ਦੀ ਜੋਤੀ।


ਸੱਚਿਆ ਸਾਹਿਬਾ!
ਸੁੱਚੇ ਬ੍ਰਿਹੜੇ ਦਾ ਹਾਰ
ਤੇਰੇ ਗਲੇ ਵਿਚ ਸਜਾਵਾਂ।
ਵੇ! ਮੈਂ ਸੁੱਚੀ ਭੇਟ ਚੜ੍ਹਾਵਾਂ।

ਝਾਤ


ਸੂਰਜ ਡੁੱਬਿਆ।
ਜਾਂਦਾ ਜਾਂਦਾ ਅਸਮਾਨ ਦੀ ਲਹਿੰਦੀ ਗੁੱਠੇ,
ਫੁਲਾਂ-ਰੰਗ ਰੰਗਾਏ ਗੁਲਾਲ ਦੀਆਂ ਮੁੱਠੀਆਂ ਭਰ ਭਰ
ਰੰਗੋਲੀਆਂ ਸਜਾ ਗਿਆ।

ਅੰਗੂਰੀ ਰੰਗੇ ਸੰਧੂਰ’ਚ ਲਿੱਬੜੇ ਬੱਦਲ ‘ਚੋਂ
‘ਝਾਤ’ ਕਹਿ
ਮੇਰਾ ਦਿਲ ਧੜਕਾ
ਤੂੰ ਕਿੱਥੇ ਛੁਪ ਗਿਓਂ ਵੇ!

ਮੇਰੇ ਨਾਲ ਲੁਕਣ ਮੀਚੀ ਖੇਲ੍ਹਣ ਵਾਲਿਆ!
ਆ-
ਇਕ ਵਾਰੀ ਆ-
ਲੱਗੀਆਂ ਦੀ ਲਾਜ ਰੱਖ
ਦੇਖ!
ਨਜ਼ਰਾਂ ਉਥੇ ਹੀ ਟਿਕੀਆਂ ਹੋਈਆਂ ਹਨ
ਜਿੱਥੋਂ ਤੂੰ ਝਾਤ ਕਿਹਾ
ਹਾਏ!ਆ-ਕਿ ਹਨੇਰਾ ਰੰਗੋਲੀਆਂ ਖਾਈ ਜਾ ਰਿਹਾ ਹੈ।

ਤੰਗ ਪੌੜੀਆਂ

ਪਿਆਰਾ ਪਿਆਰਾ ਪੁੱਤਰ ਮੇਰਾ
ਨਵਾਂ ਨਵਾਂ ਜੋ ਚੱਲਣਾ ਸਿੱਖਿਆ।
ਬੱਦਲਾਂ ਵਿਚ ਉਡ ਜਾਣਾਂ ਚਾਹੇ
ਚੰਨ ਨੂੰ ਕੋਲ ਬੁਲਾਣਾ ਚਾਹੇ
ਤਾਰੇ ਸਮਝ ਕੱਚ ਦੇ ਗੋਲੇ
ਆਪਸ ਵਿਚ ਟਕਰਾਣਾਂ ਚਾਹੇ।

ਬਹੁਤ ੳਚੇਰੀ ਬਿਲਡਿੰਗ ਜਿਸ ਨੂੰ
ਬਾਂਸ ਦੀਆਂ ਤੰਗ ਪੌੜੀਆਂ ਲੱਗੀਆਂ
ਸਿੱਧੀਆਂ ਸਿਖਰ ਛੱਤ ਨੂੰ ਪਹੁੰਚਣ
ਦੋ ਪੈਰਾਂ ਦੀ ਥਾਂ ਵਿਚ ਬੱਝੀਆਂ।

ਚੜ੍ਹਨਾ ਉਨ੍ਹਾਂ ’ਤੇ ਬਹੁਤ ਹੀ ਮੁਸ਼ਕਿਲ
ਉਤਰਨਾ ਮੁਸ਼ਕਿਲ ਨਾਲ ਸੀ ਸੰਭਵ
ਉਤਦਿਆਂ ਚੜ੍ਹਦਿਆਂ ਵਾਪਿਸ ਮੁੜਨਾ
ਇਹ ਤਾਂ ਮੂਲੋਂ ਸੀ ਅਸੰਭਵ।

ਲਾਲ ਮੇਰਾ ਬੇਕਾਬੂ ਹੋਇਆ
ਨਿੱਕੇ ਨਿੱਕੇ ਪੈਰ ਪੁਟੀਂਦਾ।
ਖੁਸ਼ੀਆਂ ਰੰਗੇ ਫੁਲ ਛਟੀਂਦਾ
ਸੋਨੇ ਰੰਗੇ ਵਾਲ ਬਿਖੇਰੀ
ਜ਼ਿਦ ਪੁੱਗਣ ਦੀ ਖੁਸ਼ੀ ਖਲੇਰੀ
ਬੇਰੋਕ ਹਸੀ ਦੀਆਂ ਮਹਿਕਾਂ ਵੰਡਦਾ
ਡਿਗ ਜਾਣ ਤੋਂ ਮੂਲ ਨਾ ਡਰਦਾ
ਉਚਾ ਚੜ੍ਹਨ ਦੀ ਆਸ ਲਗਾਈ
ਡਰ ਫਿਕਰਾਂ ਨੂੰ ਦੂਰ ਭਜਾਈ
ਪਿਛੇ ਪਰਤ ਕੇ ਝਾਤ ਨਾ ਮਾਰੇ
ਚੜ੍ਹਦਾ ਜਾਵੇ,ਬੱਸ ਚੜ੍ਹਦਾ ਜਾਵੇ।

ਪਿੱਛੇ ਪਿੱਛੇ ਮੈ ਵੀ ਜਾਵਾਂ
ਪਰ ਡਿੱਗਣ ਤੋਂ ਮੈ ਘਬਰਾਵਾਂ
ਬੁਰੀਆਂ ਸੋਚਾਂ ਦਿਮਾਗ ਘੇਰਿਆ
ਡਰ ਨੇ ਦਿਲ ’ਤੇ ਹੂੰਝਾ ਫੇਰਿਆ
ਕਹਿਰ ਦੇ ਬੰਬ ਅਸਮਾਨੀ ਫੱਟਣ
ਠਾਹ ਠਾਹ ਕਰਕੇ ਸਿਰ ’ਤੇ ਵੱਜਣ।

ਰੱਬ ਦੇ ਅੱਗੇ ਅਰਜ ਗੁਜਾਰਾਂ
ਲਾਲ ਆਪਣੇ ਨੂੰ ਵਾਜ ਨਾ ਮਾਰਾਂ।
ਮਤਾਂ ਪਰਤ ਕੇ ਦੇਖਣ ਲੱਗਿਆਂ
ਧੁਰ ਨੀਚੇ ਉਹ ਡਿਗ ਨਾ ਜਾਵੇ
ਫੁੱਲ ਜਿਹਾ ਨਾਜ਼ੁਕ ਮੇਰਾ ਬੱਚਾ
ਪਲ ਦੇ ਵਿਚ ਹੀ ਕੁਚਲ ਨਾ ਜਾਵੇ।
ਜਾਨ ਮੇਰੀ ਦਾ ਟੁਕੜਾ ਡਿਗ ਕੈ
ਮਮਤਾ ਦਾ ਦਿਲ ਘੁੱਟ ਨਾ ਜਾਵੇ।

ਆਖਰੀ ਪੌੜੀਆ ਟੁਟੀਆਂ ਭੱਜੀਆਂ।
ਥੋੜ੍ਹੇ ਥੋੜ੍ਹੇ ਮੀਂਹ ਨਾਲ ਭਿਜੀਆਂ
ਤਿਲਕਣ ਦੇ ਖਤਰੇ ਨਾਲ ਭਰੀਆਂ

ਉਹ ਖਤਰੇ ਦਾ ਨਾਮ ਨਾ ਜਾਣੇ
ਚੜ੍ਹਨਾ ਜਾਣੇ,ਸੋ ਚੜ੍ਹਦਾ ਜਾਵੇ।

ਉਹ ਚੜ੍ਹ ਗਿਆ ਮੈ ਪਿੱਛੇ ਰਹਿ ਗਈ
ਡਰ ਫਿਕਰਾਂ ਦੇ ਗਮ ਵਿਚ ਵਹਿ ਗਈ
ਆਖਰੀ ਸਾਹ ‘ਤੇ ਜਾਨ ਸੀ ਆਈ
ਕਿਸੇ ਸਹਾਰੇ ਲਈ ਬਿਲਲਾਈ।

ਨਜਰ ਉਠਾ ਜਦ ਉਪਰ ਤੱਕਿਆ
ਆਖਰੀ ਪੌੜੀ ਉਹ ਚ੍ਹੜ ਚੁੱਕਿਆ
ਲੰਮੀ ਚੌੜੀ ਛੱਤ ਦੇ ਬਨੇਰੇ
ਬੈਠਾ ਦੇਖੇ ਚਾਰ ਚੁਫੇਰੇ।
ਨਿੱਕੇ ਪੈਰ ਹੇਠਾਂ ਲਮਕਾਈ
ਹਵਾਵਾਂ ਦੇ ਗਲ ਜੱਫੀਆ ਪਾਈ
ਝੂੰਮ ਝੂੰਮ ਕੁਝ ਗਾਈ ਜਾਵੇ
ਗੀਤ ਦੇ ਬੋਲ ਸਮਝ ਨਾ ਆਏ।